ਫ਼ਰੀਦਕੋਟ 13 ਮਾਰਚ, ਪੰਜਾਬ ਐਂਡ ਸਿੰਧ ਬੈਂਕ ਦੁਆਰਾ ਸਥਾਪਤ ਕੀਤੀ ਗਈ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਦੁਆਰਾ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਕੈਦੀਆਂ ਲਈ ਪਲਾਸਟਿਕ ਦੇ ਖਿਡੌਣੇ ਬਣਾਉਣ ਦੀ ਸਿਖਲਾਈ ਦਾ ਇੱਕ ਕੈਂਪ ਲਗਾਇਆ ਗਿਆ । ਜਿਸ ਵਿੱਚ 35 ਕੈਦੀਆਂ ਨੂੰ ਪਲਾਸਟਿਕ ਦੇ ਖਿਡੌਣੇ ਬਣਾਉਣ ਦੇ ਕੰਮ ਦੀ ਸਿਖਲਾਈ ਦਿੱਤੀ ਗਈ ਇਨ੍ਹਾਂ ਦੀ ਸਿਖਲਾਈ ਉਪਰੰਤ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ. ਹਰਬੀਰ ਸਿੰਘ ਆਈ. ਏ. ਐਸ ਪਹੁੰਚੇ , ਜਦ ਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਨੇ ਸ਼ਿਰਕਤ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਿਖਲਾਈ ਲੈਣ ਵਾਲੇ 35 ਕੈਦੀਆਂ ਨੂੰ ਸਰਟੀਫਿਕੇਟ ਵੰਡੇ ।ਇਸ ਸਮਾਪਤੀ ਸਮਾਰੋਹ ਵਿਚ ਉਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਦਾ ਇਹ ਵਧੀਆ ਉਪਰਾਲਾ ਹੈ। ਜਿਸ ਨਾਲ ਇਹ ਲੋਕ ਜਦ ਵਾਪਸ ਆਪਣੇ ਘਰਾਂ ਨੂੰ ਜਾਣਗੇ ਤਾਂ ਆਪਣੇ ਪੁਨਰਵਾਸ ਕਰਨ ਵਿੱਚ ਕੋਈ ਦਿੱਕਤ ਨਹੀਂ ਪਾਉਣਗੇ ਅਤੇ ਦੋ ਪੈਸੇ ਕਮਾ ਸਕਣ ਉਪਰੰਤ ਆਪਣਾ ਪਰਿਵਾਰਾਂ ਵਿਚ ਖ਼ੁਸ਼ਹਾਲ ਜੀਵਨ ਬਤੀਤ ਕਰ ਸਕਣਗੇ। ਉਨ੍ਹਾਂ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ। ਜਿਸ ਨਾਲ ਸਮਾਜ ਦਾ ਆਰਥਿਕ ਪੱਧਰ ਉੱਚਾ ਹੋਵੇਗਾ। ਇਸ ਮੌਕੇ ਜ਼ੋਨਲ ਮੈਨੇਜਰ ਸ. ਕੁਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਖਿਡੌਣੇ ਬਣਾਉਣ ਦੀ ਸਿਖਲਾਈ ਹਾਸਲ ਕੀਤੀ ਹੈ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਅੰਦਰ ਜਦ ਉਹ ਸਮਾਜ ਵਿੱਚ ਜਾ ਕੇ ਆਪਣਾ ਰੁਜ਼ਗਾਰ ਨਵੇਂ ਸਿਰੇ ਤੋਂ ਸਥਾਪਤ ਕਰਨ ਚਾਹੁਣਗੇ ਤਾਂ ਇਸ ਮੌਕੇ ਉਨ੍ਹਾਂ ਨੂੰ ਉਨ੍ਹਾਂ ਦਾ ਬੈਂਕ ਪਹਿਲ ਦੇ ਅਧਾਰ ਤੇ ਕਰਜ਼ ਮੁਹੱਈਆ ਕਰਾਵੇਗਾ । ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਿੱਚ ਇਨ੍ਹਾਂ ਲੋਕਾਂ ਨੂੰ ਆਰਥਿਕ ਸਹਾਇਤਾ ਮਿਲ ਜਾਣ ਕਰਕੇ ਵਧੀਆ ਮਦਦ ਹੋ ਸਕੇਗੀ । ਇਸ ਮੌਕੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਸ੍ਰੀ ਕਸ਼ਮੀਰੀ ਲਾਲ ਗਾਂਧੀ ਨੇ ਕਿਹਾ ਕਿ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਵਿਅਕਤੀ ਆਪਣਾ ਭੂਤਕਾਲ ਭੁੱਲ ਜਾਣ ਇਸ ਸਿਖਲਾਈ ਦਾ ਲਾਭ ਲੈਂਦੇ ਹੋਏ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦਾ ਆਗਾਜ਼ ਕਰਨ । ਉਨ੍ਹਾਂ ਨੂੰ ਆਪਣਾ ਕਿੱਤਾ ਸ਼ੁਰੂ ਕਰਨ ਲਈ ਬੈਂਕ ਵੱਲੋਂ ਤੁਰੰਤ ਕਰਜ਼ ਦਿੱਤਾ ਜਾਵੇਗਾ ਜਿਸ ਦਾ ਬੈਂਕ ਦੁਆਰਾ ਮਹੀਨਾਵਾਰ ਕਿਸ਼ਤਾਂ ਦੁਆਰਾ ਬੈਂਕ ਆਪਣਾ ਪੈਸਾ ਵਸੂਲ ਕਰੇਗਾ । ਇਸ ਸਮਾਰੋਹ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਜੇਲ੍ਹ ਦੇ ਸੁਪਰਡੈਂਟ ਰਾਜੀਵ ਅਰੋਡ਼ਾ ਅਤੇ ਆਸ਼ੂ ਭੱਟੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।