ਡਿਪਟੀ ਕਮਿਸ਼ਨਰ ਵੱਲੋਂ ਬਾਬਾ ਫ਼ਰੀਦ ਆਗਮਨ ਪੁਰਬ ਅਤੇ ਕਰਾਫਟ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ

ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ ਵਿਖੇ ਲੱਗੇਗਾ ਕਰਾਫਟ ਮੇਲਾ- ਡਾ.ਰੂਹੀ ਦੁੱਗ 

ਫ਼ਰੀਦਕੋਟ 5 ਅਗਸਤ, ਮਹਾਨ ਸੂਫੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਅਤੇ 9 ਰੋਜ਼ਾ ਕਰਾਫਟ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੱਲੋਂ ਅੱਜ ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ ਦਾ ਵਿਸ਼ੇਸ਼  ਦੌਰਾ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਸ. ਪਰਮਦੀਪ ਸਿੰਘ ਅਤੇ ਐੱਸ.ਡੀ.ਐੱਮ ਮੈਡਮ ਬਲਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

- Advertisement -

 ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਬਾਬਾ ਫ਼ਰੀਦ ਆਗਮਨ ਪੁਰਬ 19 ਤੋਂ 23 ਸਤੰਬਰ 2022  ਤਕ ਹੋਵੇਗਾ ਜਦ ਕਿ ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ ਫ਼ਰੀਦਕੋਟ ਵਿਖੇ ਕਰਾਫਟ ਮੇਲਾ 20 ਸਤੰਬਰ ਤੋਂ 28 ਸਤੰਬਰ ਤੱਕ ਲੱਗੇਗਾ, ਜਿਸ ਵਿੱਚ ਵਿਰਾਸਤੀ ਪ੍ਰਦਰਸ਼ਨੀਆਂ, ਵੱਖ ਵੱਖ ਰਾਜਾਂ ਦੇ ਕਰਾਫਟ ਤੇ ਹੋਰ ਵਸਤਾਂ ਦੇ ਸਟਾਲ, ਵੱਖ ਵੱਖ ਰਾਜਾਂ ਦੀ ਦਸਤਕਾਰੀ, ਕਲਾਕਾਰਾਂ ਦੀਆਂ ਨੁਮਾਇਸ਼ਾਂ ਤੋਂ ਇਲਾਵਾ ਵੱਖ ਵੱਖ ਰਾਜਾਂ ਦੇ ਖਾਣ ਪੀਣ ਦੇ ਸਟਾਲ, ਝੂਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ ।

ਉਨ੍ਹਾਂ ਕਿਹਾ ਕਿ ਇਸ ਮੌਕੇ ਬਾਬਾ ਫ਼ਰੀਦ ਕੌਮੀ ਫੈਸਟੀਵਲ ਵੀ ਕਰਵਾਇਆ ਜਾਵੇਗਾ। ਜਿਸ ਵਿੱਚ ਪੇਂਡੂ ਖੇਡ ਮੇਲੇ, ਕਰਾਫਟ ਮੇਲਾ, ਰੰਗੋਲੀ, ਪੇਂਟਿੰਗ ਗੈਲਰੀ, ਫੋਟੋਗ੍ਰਾਫੀ, ਡਰਾਮਾ ਫੈਸਟੀਵਲ, ਹੈਰੀਟੇਜ ਵਾਕ, ਵੇਨਟੀ ਕਾਰ ਪ੍ਰਦਰਸ਼ਨੀ, ਇੰਟਰ ਸਟੇਟ ਫੈਸਟੀਵਲ, ਭਾਰਤੀ ਫ਼ੌਜ ਦੀ ਆਰਟਿਲਰੀ ਦਾ ਡਿਸਪਲੇਅ, ਬੇਬੀ ਸ਼ੋਅ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਈਵੈਂਟ ਹੋਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਰਾਫਟ ਮੇਲੇ ਤੇ ਆਗਮਨ ਪੁਰਬ ਨਾਲ ਸਬੰਧਤ ਵੱਖ ਵੱਖ  ਸਥਾਨਾਂ ਦੀ ਸਾਫ਼ ਸਫ਼ਾਈ, ਸੜਕਾਂ ਦੀ ਮੁਰੰਮਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

 ਉਨ੍ਹਾਂ ਇਸ ਮੌਕੇ ਪਾਰਕਿੰਗ, ਟ੍ਰੈਫਿਕ ਰੂਟ, ਸੂਫ਼ੀ ਨਾਈਟ ਕਰਵਾਉਣ ਸਬੰਧੀ ਵੀ ਵੱਖ ਵੱਖ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਬਾਬਾ  ਫ਼ਰੀਦ ਆਗਮਨ ਪੁਰਬ ਦਾ ਕਰਾਫਟ ਮੇਲਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਨਗੇ।  

          ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਮੰਡੀ ਅਫਸਰ ਸ੍ਰੀ ਪ੍ਰੀਤ ਕੰਵਲ ਬਰਾੜ, ਸ੍ਰੀ ਨੀਲ ਕੰਠ, ਦਵਿੰਦਰ ਸਿੰਘ ਐਸ.ਡੀ.ਓ ਮੰਡੀ ਬੋਰਡ, ਟਾਊਨ ਪਲੈਨਿੰਗ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।